20/01/2026
ਗ਼ਜ਼ਲ
ਖ਼ਾਬਾਂ ਦੇ ਵਿੱਚ ਖਾਬ ਦਲੀਲਾਂ ਘੜ੍ਹਦੇ ਨੇ।
ਖ਼ਾਬਾਂ ਵਿੱਚ ਹੀ ਸੱਜਣ ਦੇ ਸੰਗ ਲੜਦੇ ਨੇ।
ਖ਼ਾਬਾਂ ਕੋਲੋਂ ਕਿਹੜਾ ਲੁੱਕ ਕੇ ਬੈਠ ਸਕੇ,
ਖ਼ਾਬਾਂ ਰਸਤੇ ਸੱਜਣਾ ਘਰ ਜਾ ਵੜਦੇ ਨੇ।
ਸ਼ਮਾ ਨੂੰ ਆਦਤ ਹੈ ਬੇਸ਼ੱਕ ਸਾੜਨ ਦੀ,
ਪਰਵਾਨੇ ਹਾਂ, ਪਰਵਾਨੇ ਨਿੱਤ ਸੜਦੇ ਨੇ।
ਖ਼ਾਬਾਂ ਵਿੱਚ ਜ਼ੋ ਮੰਦਾ ਚੰਗਾ ਕਹਿ ਜਾਂਦੇ,
ਦਿਨ ਵੇਲੇ ਰੋ ਰੋ ਹਰਜਾਨੇ ਭਰਦੇ ਨੇ।
ਜਿਨ੍ਹਾਂ ਇਸ਼ਕ ਕਮਾਯਾ ਧਰ ਕੇ ਸੀਸ ਤਲੀ,
ਓਹਨਾ ਸਾਹਵੇਂ ਪਰਬਤ ਵੀ ਕਦ ਅੜ੍ਹਦੇ ਨੇ।
ਲੋਕੀ ਉੱਠ ਕੇ ਰੱਬ ਧਿਆਵਣ ਲੱਗ ਜਾਂਦੇ,
ਆਸ਼ਕ ਉੱਠ ਕੇ ਇਸ਼ਕਾ ਇਸ਼ਕਾ ਪੜ੍ਹਦੇ ਨੇ।
ਇਸ਼ਕ ਮਜਾਜੀ, ਇਸ਼ਕ ਹਕੀਕੀ ਬਣ ਜਾਂਦਾ,
ਜਦੋਂ ਦੀਵਾਨੇ ਹੱਸ ਹੱਸ ਸੂਲੀ ਚੜ੍ਹਦੇ ਨੇ।
ਜੌਨ ਕੀਹਦੇ ਵਿੱਚ ਹਿੰਮਤ ਫੇਰ ਛੁਡਾਵਣ ਦੀ,
ਆਸ਼ਕ ਜਦ ਮਹਿਬੂਬ ਦਾ ਪੱਲਾ ਫੜ੍ਹਦੇ ਨੇ।
ਵਿਲੀਅਮ ਜੌਨ ਗਾਖਲ।
ਫੋਨ 9876226465