10/09/2018
ਕਹਿੰਦੇ ਨੇ ਕਿ ਪਹਿਲੇ ਪ੍ਰਕਾਸ਼ ਵੇਲੇ ਸਤਿਗੁਰਾਂ ਬਾਬਾ ਬੁੱਢਾ ਜੀ ਨੂੰ ਬਚਨ ਕੀਤੇ,
"ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੁ ਆਵਾਜ਼ ਸੁਨੈ ਸਭ ਪੰਥ"
ਕਿਉਂਕਿ ਗ੍ਰੰਥ ਜੀ ਦਾ ਆਵਾਜ਼ ਸੁਣੇ ਬਿਨਾ ਤਾਂ ਪੰਥ ਦੀ ਹੋਂਦ ਹਸਤੀ ਹੀ ਨਹੀਂ। ਗ੍ਰੰਥ ਜੀ ਤੋਂ ਸੱਖਣਾ ਪੰਥ ਤਾਂ ਕਿਸੇ ਸਕੂਲ ਦੇ ਵਰਦੀ ਵਿਚ ਤਿਆਰ ਸਾਵਧਾਨ ਖਲੋਤੇ ਬੱਚਿਆਂ ਜਿਹਾ ਹੀ ਹੈ।
ਪੁਰਾਤਨ ਗ੍ਰੰਥ ਦੇ ਬੋਲ ਨੇ,
"ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ"
ਪੁਸ਼ਾਕ ਨੂੰ ਬਾਣਾ ਬਾਣੀ ਨੇ ਹੀ ਬਣਾਉਣਾ ਹੈ। ਗ੍ਰੰਥ ਵੱਲ ਪਿੱਠ ਕਰ ਖਲੋਤੇ ਪੰਥ ਦਾ ਕੋਈ ਵਾਲੀ ਨਹੀਂ, ਸੋ ਇਹ ਪੰਥ ਦੀ ਹੋਂਦ ਹਸਤੀ ਲਈ ਜਰੂਰੀ ਹੈ ਕਿ ਗ੍ਰੰਥ ਜੀ ਦੇ ਸਨਮੁਖ ਰਹੇ।
ਜਦੋਂ ਸੱਚੇ ਪਾਤਸ਼ਾਹ ਦੇਹ ਦਾ ਓਲ੍ਹਾ ਕਰਨ ਲੱਗੇ ਤਾਂ ਭਾਈ ਸਾਹਿਬ ਨੰਦ ਲਾਲ ਜੀ ਨੇ ਪੁੱਛਿਆ,
"ਤੁਮ ਜੁ ਕਹਾ ਗੁਰ ਦੇਵ ਜੀ ਦਰਸਨ ਕਰ ਮੋਹਿ ਆਇ
ਲਖੀਏ ਤੁਮਰਾ ਦਰਸ ਕਹਾਂ ਕਹੋ ਮੋਹਿ ਸਮਝਾਇ॥"
(ਕਿ ਸੱਚੇ ਪਾਤਸ਼ਾਹ ਤੁਸਾਂ ਕਿਹਾ ਕਿ 'ਮੇਰੇ' ਦਰਸਨ ਕਰਨੇ ਨੇ ਆ ਕੇ, ਪਰ ਹੁਣ ਅਸੀਂ ਕਿੱਥੇ ਦਰਸਨ ਕਰਾਂਗੇ)
'ਉਹਨਾਂ' ਫੁਰਮਾਇਆ, ਜਿਮੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੱਸਦੇ ਹਨ,
"ਜੋ ਸਿੱਖ ਗੁਰ ਦਰਸਨ ਕੀ ਚਾਹਿ ਦਰਸਨ ਕਰੇ ਗ੍ਰੰਥ ਜੀ ਆਹਿ॥
ਪਰਭਾਤਿ ਸਮੇਂ ਕਰਕੇ ਇਸਨਾਨ ਤੀਨ ਪਰਦਛਣਾ ਕਰੇ ਸੁਜਾਨ॥"
"ਸਤਿਗੁਰੂ ਤੁਹਾਡੇ ਨਾਲ ਗੱਲ ਕਿਮੇਂ ਕਰੀਏ" ਭਾਈ ਸਾਹਿਬ ਨੇ ਅੱਖਾਂ ਵਿਚ ਅੱਥਰੂ ਭਰ ਪੁੱਿਛਆ।
"ਜੋ ਮਮ ਸਾਥ ਚਹੇ ਕਰਿ ਬਾਤ ਗ੍ਰੰਥ ਜੀ ਪੜ੍ਹੇ ਸੁਣੇ ਬਿਚਾਰੇ ਸਾਥ॥
ਜੋ ਮੁਝ ਬਚਨ ਸੁਣਨ ਕੀ ਚਾਇ ਗ੍ਰੰਥ ਜੀ ਪੜ੍ਹੇ ਸੁਣੇ ਚਿੱਤ ਲਾਇ॥
ਮੇਰਾ ਰੂਪ ਗ੍ਰੰਥ ਜੀ ਜਾਣ ਇਨ ਮੇਂ ਭੇਦ ਨਹੀਂ ਕੁਝ ਮਾਨ॥"
(ਕਿ ਜੋ ਮੇਰੇ ਨਾਲ ਗੱਲ ਕਰਨੀ ਚਾਹੇ ਤੇ ਮੇਰੇ ਬਚਨ ਸੁਣਨੇ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਪੜ੍ਹੇ ਤੇ ਸੁਣੇ। ਮੇਰਾ ਰੂਪ ਤੁਸਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ, ਸਾਡੇ ਵਿਚ ਕੋਈ ਭੇਦ ਨਹੀਂ)
ਉਹਨਾਂ ਸਿਖਾਂ ਨੂੰ 'ਸ਼ਬਦ' ਦੇ ਲੜ੍ਹ ਲਾਇਆ, ਪਰ ਯਾਦ ਰੱਖਣ ਲਈ ਵੀ ਕਿਹਾ ਕਿ 'ਸ਼ਬਦ' ਗੁਰੂ ਹੈ ਤੇ ਚੇਲਾ 'ਸੁਰਤਿ' ਹੈ। ਬਹੁਤੀ ਵਾਰ ਇਹ ਸਮਝਣਾ ਔਖਾ ਹੋ ਜਾਂਦਾ ਹੈ, ਕਿ ਚੇਲਾ ਅਸਲ 'ਚ 'ਸੁਰਤਿ' ਹੈ।