13/04/2024
"ਚਮਕੀਲੇ" ਨੂੰ ਸਾਡੇ ਘਰਾਂ ਵਿੱਚ ਵਾੜਨ ਦੀ ਬਾਲੀਵੁੱਡ ਵਲੋਂ ਸ਼ੁਰੂਆਤ , ਪੰਜਾਬੀਓ ਸਾਵਧਾਨ !
ਲੁਧਿਆਣੇ, ਗੁਰੂ ਨਾਨਕ ਇੰਜਨੀਰਿੰਗ ਕਾਲਜ , ਪੜ੍ਹਦਿਆਂ , ਹੋਸਟਲ ਵਿੱਚ ਰਹਿੰਦਿਆਂ , ਮੇਰੇ ਕਮਰੇ ਦੇ ਘੜਿਆਂ ਉੱਤੇ ਰੱਖੇ ਸਪੀਕਰਾਂ ਵਿਚੋਂ , ਦਿਨ ਵੇਲੇ ਸਰਦੂਲ ਸਿਕੰਦਰ , ਮਾਣਕ , ਹੰਸ , ਗੁਰਦਾਸ ਮਾਨ ਰੱਜ ਰੱਜ ਵੱਜੇ , ਸ਼ਾਮ ਕੁ ਢਲਦਿਆਂ , ਜਗਜੀਤ ਸਿੰਘ , ," ਜਿਸਮ ਕੀ ਬਾਤ ਨਹੀਂ , ਉਨਕੇ ਦਿਲ ਤੱਕ ਜਾਨਾ ਹੈ , ਲੰਬੀ ਦੂਰੀ ਤੈਅ ਕਰਨੇ ਕੋ ਵਕਤ ਤੋਂ ਲਗਤਾ ਹੈ , "ਮੱਠੀ ਮੱਠੀ ਆਵਾਜ਼ ਚ ਗੂੰਜਦਾ ਤੇ ਜਾਂ ਫਿਰ ਪਾਤਰ ਸਾਹਿਬ ਦੀ ਆਪਣੀ ਆਵਾਜ਼ ਗੂੰਜਦੀ " ਕੋਈ ਟਾਹਣੀਆਂ ਚੋਂ ਲੰਘਿਆਂ ਹਵਾ ਬਣ ਕੇ , ਤੇ ਅਸੀਂ ਰਹਿ ਗਏ , ਬਿਰਖ ਵਾਲੀ ਛਾਂ ਬਣਕੇ " ਪਰ ਚਮਕੀਲੇ ਦਾ ਇੱਕ ਲਫ਼ਜ਼ ਵੀ ਨਹੀਂ ਸੀ ਵੱਜਿਆ . ਮੈਨੂੰ ਭਰ ਜਵਾਨੀ ਜਾਂ ਮੁੰਡਪੁਣੇ ਵਿੱਚ ਵੀ , ਚਮਕੀਲੇ ਨੂੰ ਸੁਣਨਾ , ਹਮੇਸ਼ਾ ਬਹੁਤ ਗੈਰ ਇਖਲਾਕੀ ਲੱਗਾ .
ਕੋਈ ਸ਼ੱਕ ਨਹੀਂ , ਉਸ ਦੌਰ ਤੇ ਉਸ ਤੋਂ ਬਾਅਦ ਵੀ , ਲੱਚਰਤਾ ਗਾਣਿਆਂ ਵਿੱਚ ਇੱਕ ਹੱਦ ਤੱਕ ਸ਼ਾਮਲ ਰਹੀ ਹੈ . ਪਰ ਚਮਕੀਲੇ ਦੇ ਗਾਣਿਆਂ ਵਿਚਲੀ ਲੱਚਰਤਾ ਨੇ ਗੱਲ ਟੀਸੀ ਉੱਤੇ ਪਹੁੰਚਾ ਦਿੱਤੀ ਸੀ. ਇਸ ਦਾ ਅਸਿੱਧੇ ਰੂਪ ਵਿੱਚ ਇੱਕ ਫਾਇਦਾ ਇਹ ਵੀ ਹੋਇਆ ਕਿ ਚਮਕੀਲਾ , ਟਰੈਕਟਰਾਂ ਉਤਲੀਆਂ ਟੇਪਾਂ , ਬੰਬੀਆਂ ਤੇ ਪਈਆਂ ਟੇਪਾਂ , ਮੰਡੀਆਂ ਵਿੱਚ ਪੱਲੇਦਾਰਾਂ ਦੀ ਸਾਈਡ ਉੱਤੇ ,ਕਲਕੱਤੇ ਨੂੰ ਜਾਂਦੇ ਟਰੱਕਾਂ ਦੀਆਂ ਟੇਪਾਂ ਦਾ ਸ਼ਿੰਗਾਰ ਬਿਲਕੁਲ ਬਣਿਆ ਰਿਹਾ ,ਪਰ ਚਮਕੀਲਾ , ਘਰਾਂ ਵਿੱਚ ਨਹੀਂ ਵੜ ਸਕਿਆ . ਲਿਹਾਜ਼ਾ ,ਚਮਕੀਲਾ ,ਮੁੰਡੀਰ ਦਾ ਗਾਇਕ ਹੀ ਰਿਹਾ. ਚਮਕੀਲੇ ਨੂੰ ਕਿਸੇ ਇੱਜਤਦਾਰ ਪਰਿਵਾਰ ਦੀ ਅੰਗੀਠੀ ਉੱਤੇ ਵੱਜਦੀ ਟੇਪ ਵਿਚੋਂ ਵੱਜਣ ਦਾ ਸੁਭਾਗ ਨਹੀਂ ਪ੍ਰਾਪਤ ਹੋਇਆ ( ਤਲਵਾਰ ਮੈਂ , ਕਲਗੀਧਰ ਦੀ ਹਾਂ, ਆਦਿ ਕੁਛ ਗੀਤਾਂ ਨੂੰ ਛੱਡ ਕੇ ),
ਪਰ ਕਿਓਂਕਿ ਬਾਲੀਵੁੱਡ ਨੇ ਜਾਣਬੁਝ ਕੇ ਗਾਹੇ ਬਗਾਹੇ , ਪੰਜਾਬੀਆਂ ਤੇ ਖਾਸ ਕਰ ਸਿੱਖਾਂ ਨੂੰ ਕੁਰਾਹੇ ਪਾਉਣਾ ਹੀ ਹੁੰਦਾ . ਇਹਨਾਂ ਦੇ ਹੀਰੋਆਂ ਨੂੰ ਜ਼ੀਰੋ ਅਤੇ ਜ਼ੀਰੋਆਂ ਨੂੰ ਹੀਰੋ ਬਣਾਉਣ ਲਈ ਕਰੋੜਾਂ, ਖਰਚਣਾ ਹੀ ਹੁੰਦਾ . ਫਿਰ ਉਹ ਚਾਹੇ " ਉਡਤਾ ਪੰਜਾਬ " ਹੋਵੇ ਜਾਂ "ਚਮਕੀਲਾ" .
ਥੋੜੇ ਜਿਹੇ ਵੀ , ਇੱਜਤਦਾਰ ਪਰਿਵਾਰ ਵਿੱਚ , ਘਰ ਦੀ ਰੁਟੀਨ ਗੱਲਬਾਤ ਵਿੱਚ , ਬਤੌਰ ਗਾਇਕ , ਚਮਕੀਲੇ ਦਾ ਨਾਮ ਲੈ ਲੈਣਾ , ਕਦੇ ਵੀ ਇੱਜਤ ਦਾ ਵਾਇਜ਼ ਨਹੀਂ ਸੀ ਸਮਝਿਆ ਜਾਂਦਾ , ਪਰ ਹੁਣ ਬਾਲੀਵੁੱਡ ਵਲੋਂ , ਸਾਡੇ ਖੇਤਾਂ , ਟਰੈਕਟਰਾਂ , ਬੰਬੀਆਂ ਵਿਚੋਂ ਕੱਢ ਕੇ , ਚਮਕੀਲਾ ਸਾਡੇ ਘਰਾਂ ਵਿੱਚ ਵਾੜਿਆ ਜਾਵੇਗਾ. ਹੁਣ "ਚਮਕੀਲਾ" , ਪਿਓ ਪੁੱਤ , ਮਾਂ ਧੀ , ਭੈਣ ਭਰਾ ਵਿੱਚ discuss ਹੋਵੇਗਾ. ਜਦੋਂ ਸਾਡੀਆਂ ਰੋਜ਼ਮਰਾ ਦੀਆਂ ਗੱਲਾਂ ਦਾ ਹਿੱਸਾ ਬਣੇਗਾ ਤੇ ਫਿਰ ਉਹ ਸਾਡਾ ਹੀਰੋ ਬਣੇਗਾ ਤੇ ਹੀਰੋ ਦੀ ਉਹ ਹਰ ਲੱਚਰ ਲਾਈਨ , ਫਿਰ ਤੋਂ ਪੰਜਾਬੀਆਂ ਦੇ ਪ੍ਰਵਾਨ ਚੜੇਗੀ , ਜੋ ਚਾਹੇ ਭਾਬੀ ਹੋਵੇ , ਸਾਲੀ ਹੋਵੇ , ਪਤਨੀ ਹੋਵੇ , ਪ੍ਰੇਮਿਕਾ ਹੋਵੇ , ਭਾਬੀ ਦੀ ਭੈਣ ਹੋਵੇ ਜਾਂ ਕਿਸੇ ਹੋਰ ਰਿਸ਼ਤੇ ਨੂੰ ਤਾਰ ਤਾਰ ਕਰਦੀ ਹੋਵੇ . ਸਭ ਰਿਸ਼ਤਿਆਂ ਵਿੱਚ , ਕੇਵਲ ਔਰਤ ਦੇ ਅੰਗ ਮਾਪਣ ਵਾਲੇ ਗਾਣੇ , ਹਰ ਪਵਿੱਤਰ ਰਿਸ਼ਤੇ ਨੂੰ ਕੇਵਲ ਸਰੀਰਕ ਸੰਬੰਧ ਤੱਕ ਸੀਮਤ ਕਰਨ ਵਾਲੀ ਹਰ ਸਤਰ ਪੰਜਾਬੀਆਂ ਨੂੰ ਪ੍ਰਵਾਨ ਚੜੇਗੀ , ਕਿਉਂਕਿ ਇਹਨਾਂ ਦਾ ਰਚਨਾਕਾਰ ਸਾਡਾ ਹੀਰੋ ਬਣਾ ਦਿੱਤਾ ਗਿਆ ਹੈ . ਸਾਡੀਆਂ ਧੀਆਂ ਭੈਣਾਂ ਉਹਦੀ ਅਤਿ ਲੱਚਰ ਗਾਇਕੀ ਉੱਤੇ , ਇਹ ਦਲੀਲ ਦੇ ਕੇ ਨੱਚਗੀ ਕਿ ਤੁਸੀਂ , "Wording " ਨੂੰ ਛੱਡੋ ,ਮਿਊਜ਼ਿਕ ਬਹੁਤ ਵਧੀਆ ਤੇ ਫਿਰ
"ਆਟੇ ਵਾਂਗੂ , ਭੈਣ ਸਾਲੀਏ ਤੇਰੀ " ਵਰਗੇ
ਪਰਲੇ ਦਰਜੇ ਦੀ ਲੱਚਰਤਾ, ਜਿਹਦੀ ਪੂਰੀ ਸਤਰ ਲਿਖਣੀ ਵੀ ਮੇਰੀ ਜ਼ਮੀਰ ਗਾਵਾਰਾ ਨਹੀਂ ਕਰਦੀ ,ਉਹ ਕਦੋਂ ਸਾਡੀਆਂ ਧੀਆਂ ਭੈਣਾਂ ਦੀ ਮਾਨਸਿਕਤਾ ਵਿੱਚ ਪ੍ਰਵੇਸ਼ ਕਰ ਜਾਵੇਗੀ ਤੇ ਕਦੋਂ
ਸਾਡੀਆਂ ਕੁੜੀਆਂ ਆਪਣੇ ਭਰਾਵਾਂ, ਪਿਓ ਤੇ ਚਾਚਿਆਂ ਤਾਇਆਂ ਸਾਹਵੇਂ , ਜਾਣੇ ਅਣਜਾਣੇ ਵਿੱਚ ਗਾਉਣ ਨੂੰ ਆਮ ਸਮਝਣ ਲੱਗਣਗੀਆਂ, ਸਾਨੂੰ ਪਤਾ ਵੀ ਨਹੀਂ ਲੱਗਣਾ . ਮੇਰੇ ਵਲੋਂ ਅਕਸਰ ਵਰਤਿਆ
ਜਾਣ ਇੱਕ ਕਥਨ , ਕਿ " ਲਾਹਣਤ ਜੇਕਰ
ਤੀਜੀ ਪੀੜੀ ਵਿੱਚ ਪ੍ਰਵੇਸ਼ ਕਰ ਜਾਵੇ ਤਾਂ ਸੱਭਿਆਚਾਰ ਬਣ ਜਾਂਦੀ ਹੈ " . ਇਹ ਫਿਲਮ, ਇਸ ਲੱਚਰ ਗਾਇਕੀ ਨੂੰ ਸਾਡਾ ਸੱਭਿਆਚਾਰ ਬਣਾਉਣ ਦੀ ਇੱਕ ਵੱਡੀ ਸਾਜਿਸ਼ ਹੈ
ਜੇਕਰ ਉਹ ਵਧੀਆ ਲੇਖਕ ਸੀ ਤਾਂ ਫਿਰ
ਸ਼ਿਵ ਕੁਮਾਰ ਬਟਾਲਵੀ ਉੱਤੇ ਤਾਂ ਦਸ ਫਿਲਮਾਂ ਬਣਨੀਆਂ ਚਾਹੀਦੀਆਂ ਸਨ . ਜੇਕਰ ਉਹ ਬਹੁਤ ਉਮਦਾ ਲੋਕ ਗਾਇਕ ਸੀ ਤਾਂ ਫਿਰ ਕੁਲਦੀਪ ਮਾਣਕ ਉੱਤੇ ਤਾਂ ਵੀਹ ਫਿਲਮਾਂ ਚਾਹੀਦੀਆਂ ਨੇ . ਜੇਕਰ ਉਹ ਬਹੁਤ ਵੱਡਾ ਕੰਪੋਜ਼ਰ ਜਾਂ ਸੰਗੀਤਕਾਰ ਸੀ ਤਾਂ ਨੁਸਰਤ ਸਾਹਿਬ ਉੱਤੇ ਹੁਣ ਤੱਕ ਪੰਜਾਹ ਫਿਲਮਾਂ ਕਿਓਂ ਨਾ ਬਣਾਈਆਂ .
ਨਹੀਂ , ਅਗਲਿਆਂ ਨੇ , ਇੱਕ ਮੁੰਡਪੁਣੇ ਵਿੱਚ , ਉਹਲਿਆਂ ਵਿੱਚ ਸੁਣਨ ਵਾਲਾ ਗਾਇਕ ਸਾਡੇ ਡਰਾਇੰਗ ਰੂਮਾਂ ਦਾ ਸ਼ਿੰਗਾਰ ਬਣਾਉਣਾ ਹੈ .
ਮੈਨੂੰ, ਚਮਕੀਲੇ ਨੂੰ ਸੁਣਨ ਵਾਲਿਆਂ ਨਾਲ ਕੋਈ ਨਫਰਤ ਜਾਂ ਗਿਲਾ ਨਹੀਂ . ਕਿਓਂ ਕਿ ਉਮਰ ਦੇ ਇੱਕ ਖਾਸ ਦੌਰ ਵਿੱਚ , ਚਮਕੀਲੇ ਵਰਗੀ ਲੱਚਰ ਗਾਇਕੀ , ਬਹੁਤਾਤ ਲੋਕ ਸੁਣਦੇ ਨੇ. ਕੁਛ ਕਿੱਤੇ ਐਸੇ ਨੇ ਜਿਥੇ , ਅਮੂਮਨ ਇਹ ਗਾਇਕੀ ਸੁਣੀ ਜਾ ਸਕਦੀ ਹੈ . ਪਰ ਚਮਕੀਲੇ ਨੂੰ ਫਿਲਮ ਦੇ ਜ਼ਰੀਏ, ਇੱਕ "ਹੀਰੋ " ਬਣਾ ਕੇ ਪੇਸ਼ ਕਰਨਾ , ਇੱਕ ਖਤਰਨਾਕ ਰੁਝਾਨ ਹੈ . ਜਿਸਦੀ ਸ਼ੁਰੂਆਤ , ਬਾਲੀਵੁੱਡ ਨੇ ਇੱਕ ਖਾਸ ਸਾਜਿਸ਼ ਤਹਿਤ ਕੀਤੀ ਹੈ . ਬਹੁਤ ਸੱਜਣ ਇਸ
ਲਿਖਤ ਦੇ ਖਿਲਾਫ ਲਿਖਣਗੇ ਜਾਂ ਮਨ ਵਿਚ ਸੋਚਣਗੇ ਪਰ , ਮੂੰਹ ਆਈ ਬਾਤ ਨਾ ਰਹਿੰਦੀ ਏ ਪੰਜਾਬੀਓ ਸਾਵਧਾਨ .
ਰਜਿੰਦਰ ਸਿੰਘ ਟਾਂਡਾ