22/01/2020
ਕੀ ਦੱਸਾਂ ਮੈਂ ਦਰਦ ਓਸਦਾ,
ਦੁੱਖਾਂ ਦੇ ਵਿੱਚ ਜਿਊਂਦਾ ਪਾਠੀ ।
ਉੱਠ ਸਵੇਰੇ ਨਿੱਤ ਨਹਾ ਕੇ,
ਸਭ ਨੂੰ ਪਾਠ ਸੁਣਾਉਂਦਾ ਪਾਠੀ ।
ਸ਼ਹੀਦੀ ਅਤੇ ਪ੍ਰਕਾਸ਼ ਦਿਹਾੜੇ,
ਸਾਰੇ ਦਿਨ ਮਨਾਉਂਦਾ ਪਾਠੀ ।
ਭਾਂਡੇ, ਬਿਸਤਰੇ, ਲਾਊਡ ਸਪੀਕਰ,
ਸਭ ਨੂੰ ਠੀਕ ਕਰਾਉਂਦਾ ਪਾਠੀ ।
ਗੈਸ ਸਿਲੰਡਰ, ਪੋਲੀਓ ਬੂੰਦਾਂ,
ਸਭ ਦਾ ਹੋਕਾ ਲਾਉਂਦਾ ਪਾਠੀ ।
ਜਾਤ, ਗੋਤ ਸਭ ਕੱਢਕੇ ਦਿਲ ਚੋਂ,
ਸਭ ਦੇ ਘਰ ਵਿੱਚ ਆਉਂਦਾ ਪਾਠੀ ।
ਵਿਆਹ, ਮੰਗਣੀ ਜਾਂ ਮਰਗਤ ਹੋਵੇ,
ਸਾਰੇ ਕਾਜ ਕਰਾਉਂਦਾ ਪਾਠੀ ।
ਪ੍ਰਧਾਨ, ਸੈਕਟਰੀ ਹੋਰ ਜੋ ਮੈਂਬਰ,
ਸਭ ਦਾ ਹੁਕਮ ਵਜਾਉਂਦਾ ਪਾਠੀ ।
ਪੂਰੇ ਸਾਲ ਵਿੱਚ ਦੋ ਚਾਰ ਦਿਨ,
ਕਦੇ ਤਾਂ ਛੁੱਟੀ ਚਾਹੁੰਦਾ ਪਾਠੀ ।
ਕੋਲ ਬਿਠਾਕੇ ਪੁੱਛਿਓ ਇੱਕ ਦਿਨ,
ਗੱਲ ਕੋਈ ਕਹਿਣਾ ਚਾਹੁੰਦਾ ਪਾਠੀ ।
ਕਦੇ ਕਿਸੇ ਨੇ ਸੋਚਿਆ ਅੱਜ ਤੱਕ,
ਘਰ ਨੂੰ ਕਿਵੇੰ ਚਲਾਉਂਦਾ ਪਾਠੀ ।
ਘੱਟ ਤਨਖ਼ਾਹ ਤੇ ਵਾਧੂ ਖ਼ਰਚੇ,
ਕਿਵੇਂ ਜਵਾਕ ਪੜ੍ਹਾਉਂਦਾ ਪਾਠੀ ।
ਚਾਹੇ ਓਸਦੇ ਪੁੱਤਰ ਦੋ ਨੇ,
ਕਿਉਂ ਨਹੀਂ ਉਹ ਬਣਾਉਂਦਾ ਪਾਠੀ ।
ਸਚ ਮੇਰਾ ਦਿਲ ਕਹਿੰਦਾ ਹੈ,
ਦੁੱਖਾਂ ਦੇ ਵਿੱਚ ਜਿਉਂਦਾ ਪਾਠੀ ।